ਪੰਜਾਬੀ ਯੂਨੀਵਰਸਿਟੀ, ਪਟਿਆਲਾ ਇਕ ਅਦੁੱਤੀ ਗੌਰਵਸ਼ਾਲੀ ਸੰਸਥਾ ਹੈ ਜਿਸ ਨੂੰ ‘ਪੰਜਾਬੀਅਤ ਦਾ ਗੜ੍ਹ’ ਜਾਂ ਕੇਂਦਰ ਬਿੰਦੂ ਹੋਣ ਦਾ ਮਾਣ ਪ੍ਰਾਪਤ ਹੈ। ਮੇਰੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਮੈਨੂੰ ਇਸ ਵੱਕਾਰੀ ਅਦਾਰੇ ਦੀ ਸੇਵਾ ਨਿਭਾਉਣ ਦਾ ਮੌਕਾ ਮਿਲਿਆ ਹੈ। ਮੇਰੇ ਲਈ ਇਹ ਹੋਰ ਵੀ ਮਾਣ ਦੀ ਗੱਲ ਹੈ ਕਿ ਮੈਂ ਆਪਣੀ ਸਾਰੀ ਉਚੇਰੀ ਸਿੱਖਿਆ ਇਸ ਅਦਾਰੇ ਤੋਂ ਪ੍ਰਾਪਤ ਕੀਤੀ ਹੈ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸਥਾਪਨਾ ਇਕ ਵਿਸ਼ੇਸ਼ ਮਨੋਰਥ ਦੀ ਪ੍ਰਾਪਤੀ ਲਈ ਕੀਤੀ ਗਈ ਸੀ ਜੋ ਕਿ ਪੰਜਾਬੀ ਭਾਸ਼ਾ, ਪੰਜਾਬੀ ਸਾਹਿਤ ਅਤੇ ਪੰਜਾਬੀ ਸੱਭਿਆਚਾਰ ਨੂੰ ਪ੍ਰਫੁਲਿਤ ਕਰਨਾ ਸੀ ਅਤੇ ਪੰਜਾਬੀ ਭਾਸ਼ਾ ਨੂੰ ਇਸ ਯੋਗ ਬਣਾਇਆ ਜਾ ਸਕੇ ਕਿ ਉਹ ਗਿਆਨ ਵਿਗਿਆਨ ਦੇ ਵਿਭਿੰਨ ਖੇਤਰਾਂ ਦੇ ਅਧਿਐਨ, ਸਿੱਖਿਆ ਅਤੇ ਅਧਿਆਪਨ ਦਾ ਮਾਧਿਅਮ ਬਣ ਸਕੇ। ਯੂਨੀਵਰਸਿਟੀ ਨੇ ਆਪਣੇ ਇਸ ਮਨੋਰਥ ਦੀ ਪ੍ਰਾਪਤੀ ਲਈ ਭਰਪੂਰ ਯਤਨ ਕੀਤੇ ਹਨ ਅਤੇ ਲਗਾਤਾਰ ਕਰ ਰਹੀ ਹੈ।
ਪਰੰਤੂ ਅਸੀਂ ਸਾਰੇ ਜਾਣਦੇ ਹਾਂ ਕਿ ਹਰ ਵਸਤੂ ਪਰਿਵਰਤਨਸ਼ੀਲ ਹੈ। ਅਜੋਕੀ ਸਿੱਖਿਆ ਪ੍ਰਣਾਲੀ ਦੀਆਂ ਮੰਗਾਂ ਪ੍ਰਚਲਿਤ ਸਿੱਖਿਆ ਪਧਿਤੀ ਤੋਂ ਭਿੰਨ ਹਨ। ਸਾਨੂੰ ਇਹ ਗੱਲ ਵੀ ਭਲੀ-ਭਾਂਤ ਵਿਦਿਤ ਹੈ ਕਿ ਕਿਸੇ ਵੀ ਭਾਸ਼ਾ ਦਾ ਵਿਕਾਸ ਜਾਂ ਉਸ ਦੀ ਸਮਰੱਥਾ ਦਾ ਸਬੰਧ ਉਸ ਭਾਸ਼ਾ ਨਾਲ ਜੁੜੇ ਹੋਏ ਸਮਾਜਿਕ ਸਰੋਕਾਰਾਂ ਨਾਲ ਹੁੰਦਾ ਹੈ। ਸਮਾਜਿਕ ਸਰੋਕਾਰਾਂ ਦਾ ਸਬੰਧ ਸਮਾਜ ਦੀ ਆਰਥਿਕ ਸਥਿਤੀ ਨਾਲ ਹੁੰਦਾ ਹੈ ਅਤੇ ਆਰਥਿਕ ਸਥਿਤੀ ਸਮਾਜ ਦੀ ਉਦਯੋਗਿਕ ਜਾਂ ਇੰਡਸਟਰੀਅਲ ਸਥਿਤੀ ਨਾਲ ਜੁੜੀ ਹੁੰਦੀ ਹੈ। ਉਦਯੋਗਿਕ ਵਿਕਾਸ ਕਿਸੇ ਭਾਸ਼ਾ ਦੀ ਸ਼ਬਦਾਵਲੀ ਅਤੇ ਮੁਹਾਂਦਰੇ ਨੂੰ ਪ੍ਰਭਾਵਿਤ ਕਰਦਾ ਹੈ। ਉਦਯੋਗਿਕ ਜ਼ਰੂਰਤਾਂ ਆਪਣੀ ਲੋੜ ਅਨੁਸਾਰ ਨਵੇਂ ਸ਼ਬਦ ਘੜਦੀਆਂ ਹਨ ਜਿਸ ਨਾਲ ਉਸੇ ਭਾਸ਼ਾ ਦੇ ਸ਼ਬਦ ਭੰਡਾਰ ਵਿਚ ਵਾਧਾ ਹੁੰਦਾ ਹੈ। ਇਸ ਲਈ ਹੁਣ ਲੋੜ ਇਸ ਗੱਲ ਦੀ ਹੈ ਕਿ ਅਸੀਂ ਆਪਣੇ ਪਾਠਕ੍ਰਮਾਂ ਨੂੰ ਅਜਿਹਾ ਬਣਾਈਏ ਜਿਸਤੋਂ ਸਮਾਜਿਕ ਉੱਨਤੀ, ਆਰਥਿਕ ਸਥਿਤੀ ਦੇ ਨਾਲ-ਨਾਲ ਪੰਜਾਬੀ ਭਾਸ਼ਾ ਨੂੰ ਹੁਲਾਰਾ ਦੇ ਸਕੀਏ। ਪਾਠਕ੍ਰਮਾਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਉਦਯੋਗਿਕ ਅਦਾਰਿਆਂ ਅਤੇ ਅਕਾਦਮਿਕ ਮਾਹਿਰਾਂ ਵਿਚਕਾਰ ਤਾਲਮੇਲ ਸਥਾਪਿਤ ਕਰਨ ਦੀ ਲੋੜ ਹੈ। ਨਵੇਂ ਪਾਠਕ੍ਰਮ ਵਿਦਿਆਰਥੀਆਂ ਦੀ ਬਹੁ-ਪੱਖੀ ਯੋਗਤਾ ਵਿਚ ਵਾਧਾ ਕਰਨਗੇ ਅਤੇ ਉਨ੍ਹਾਂ ਨੂੰ ਸਮੇਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਅਤੇ ਨਾਲ ਹੀ ਹੋਰਨਾਂ ਸੰਸਥਾਂ ਦੇ ਵਿਦਿਆਰਥੀਆਂ ਦਾ ਮੁਕਾਬਲਾ ਕਰਨ ਦੇ ਯੋਗ ਬਣਾਉਣਗੇ। ਨਵੇਂ ਪਾਠਕ੍ਰਮ ਰੋਜ਼ਗਾਰ ਦੇ ਖੇਤਰ ਵਿਚ ਨਵੀਂਆਂ
ਸੰਭਾਵਨਾਵਾਂ ਉਤਪੰਨ ਕਰਨਗੇ।
ਅਜੋਕੇ ਮਸਨੂਈ ਦੀ ਬੁੱਧੀਮਤਾ ਅਰਥਾਤ ਆਰਥਿਕ ਇੰਟੈਲੀਜੈਂਸੀ ਦੇ ਯੁੱਗ ਵਿਚ ਭਾਸ਼ਾ ਦੀ ਸਮਰੱਥਾ ਨੂੰ ਵਧਾਉਣ ਲਈ ਹੋਰ ਗੰਭੀਰ ਉਪਰਾਲੇ ਕਰਨ ਦੀ ਲੋੜ ਹੈ। ਜਿਥੇ ਪਾਠਕ੍ਰਮਾਂ ਵਿਚ ਉਦਯੋਗਿਕ ਖੇਤਰ ਦੀ ਸਹਾਇਤਾ ਨਾਲ ਠੋਸ ਉਪਰਾਲੇ ਕੀਤੇ ਜਾਣ ਦੀ ਲੋੜ ਹੈ ਉਥੇ ਹੀ ਗਿਆਨ ਵਿਗਿਆਨ ਅਤੇ ਭਾਸ਼ਾ ਵਿਚ ਸਰਟੀਫਿਕੇਟ ਕੋਰਸਾਂ ਨੂੰ ਸ਼ੁਰੂ ਕਰਕੇ ਪੰਜਾਬੀ ਭਾਸ਼ਾ ਦੇ ਵਿਕਾਸ ਦੀ ਰਫ਼ਤਾਰ ਨੂੰ ਇਕ ਨਵੀਂ ਦਿਸ਼ਾ ਪ੍ਰਦਾਨ ਕਰਨਾ ਮੁੱਖ ਮਨੋਰਥ ਹੋਵੇਗਾ।
ਮੂਲ ਮਕਸਦ ਯੂਨੀਵਰਸਿਟੀ ਦੀ ਸਥਾਪਨਾ ਦੇ ਮਨੋਰਥ ਨੂੰ ਧਿਆਨ ਵਿਚ ਰੱਖਦਿਆਂ ਯੂਨੀਵਰਸਿਟੀ ਅਤੇ ਵਿਦਿਆਰਥੀਆਂ ਨੂੰ ਵਰਤਮਾਨ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਕਰਨਾ ਹੈ। ਆਪਣੇ ਕਾਰਜਕਾਲ ਵਿਚ ਮੇਰੀ ਇਹ ਭਰਪੂਰ ਇੱਛਾ ਰਹੇਗੀ ਕਿ ਮੈਂ ਪੰਜਾਬੀ ਯੂਨੀਵਰਸਿਟੀ ਦੇ ਵੱਕਾਰ ਨੂੰ ਬਰਕਰਾਰ ਰੱਖਣ ਦੇ ਨਾਲ-ਨਾਲ ਕੁਝ ਨਵਾਂ ਵੀ ਕਰ ਸਕਾਂ।
ਮੈਂ ਪਰਮ ਸਤਿਕਾਰਯੋਗ ਰਾਜਪਾਲ ਸਾਹਿਬ (ਪੰਜਾਬ), ਮਾਣਯੋਗ ਮੁੱਖ ਮੰਤਰੀ, ਪੰਜਾਬ, ਅਤੇ ਪੰਜਾਬ ਸਰਕਾਰ ਦਾ ਅਤਿਅੰਤ ਧੰਨਵਾਦੀ ਹਾਂ ਜਿਹਨਾਂ ਨੇ ਮੈਨੂੰ ਇਹ ਸੇਵਾ ਨਿਭਾਉਣ ਦਾ ਮੌਕਾ ਪ੍ਰਦਾਨ ਕੀਤਾ ਹੈ।